ਡਾ. ਚਰਨਜੀਤ ਸਿੰਘ ਗੁਮਟਾਲਾ
2010 ਦੇ ਰੂਪ ਵਿੱਚ ਨਵੇਂ ਸਾਲ ਦੇ ਨਾਲ ਅਸੀਂ ਇਕ ਨਵੇਂ ਦਹਾਕੇ ਵਿੱਚ ਦਾਖ਼ਲ ਹੋ ਰਹੇ ਹਾਂ। ਇਹ ਦਹਾਕਾ ਸਿੱਧ ਕਰੇਗਾ ਕਿ ਭਾਰਤ ਮਹਾਂ ਸ਼ਕਤੀ ਬਨਣ ਦੇ ਆਪਣੇ ਸੁਪਨੇ ਨੂੰ ਕਿਸ ਹੱਦ ਸਾਕਾਰ ਕਰ ਸਕਦਾ ਹੈ? ਭਾਵੇਂ ਕਿ ਸਿਰਫ ਦਸ ਸਾਲਾਂ ਵਿੱਚ ਭਾਰਤ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਦੁਨੀਆਂ ਦਾ ਸਿਰਮੌਰ ਦੇਸ਼ ਨਹੀਂ ਬਣ ਸਕਦਾ ਪਰ ਫਿਰ ਵੀ ਅਜਿਹੇ ਹਾਲਾਤ ਪੈਦਾ ਕੀਤੇ ਜਾ ਸਕਦੇ ਹਨ ਕਿ ਜਿੰਨ੍ਹਾਂ ਕਰਕੇ ਭਾਰਤ ਦੀ ਗਿਣਤੀ ਅਗਾਹ ਵਧੂ ਦੇਸ਼ਾਂ ਵਿੱਚ ਹੋ ਸਕਦੀ ਹੈ। ਭਾਵੇਂ ਇਹ ਮੁਸ਼ਕਲ ਕੰਮ ਹੈ ਪਰ ਅਸੰਭਵ ਨਹੀਂ। ਇਸ ਸੰਬੰਧੀ ਭਾਰਤੀ ਮੀਡੀਆ ਵਿੱਚ ਨਵੇਂ ਸਾਲ ਸਮੇਂ ਬਹੁਤ ਕੁੱਝ ਲਿਖਿਆ ਗਿਆ। ਦੈਨਿਕ ਭਾਸਕਰ ਅਨੁਸਾਰ ਪਿਛਲੇ ਦਹਾਕੇ ਵਿੱਚ ਅਸੀਂ ਬਹੁਤ ਤਰੱਕੀ ਕੀਤੀ ਹੈ। ਭਾਰਤ ਨੇ ਚੰਦਰਮਾ ‘ਤੇ ਆਪਣਾ ਜ਼ਹਾਜ ਭੇਜਿਆ ‘ਤੇ ੳੁੱਥੇ ਪਾਣੀ ਲੱਭਿਆ। ਜੀ ਨੋਮ ਦੀ ਗੁਥੀ ਸੁਲਝਾਈ। ਇਸ ਦਹਾਕੇ ਵਿੱਚ ਭਾਰਤ ਮਹਾਂਸ਼ਕਤੀ ਹੋਵੇਗਾ। 2020 ਤੀਕ ਦੁਨੀਆ ਦੇ ਸਭ ਤੋਂ ਜਿਆਦਾ ਨੌਜ਼ੁਆਨ ਸਾਡੇ ਪਾਸ ਹੋਣਗੇ। 2020 ਤੀਕ ਅਸੀ ਐਜ਼ੁਕੇਸ਼ਨ ਸੁਪਰਪਾਵਰ ਬਣ ਜਾਵਾਂਗੇ। ਬਾਇਓਟੈਕ ਅਤੇ ਮੈਡੀਸਨ ਵਿੱਚ ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੋਵਾਂਗੇ। ਸੂਰਜ ਦੀ ਬਿਜਲੀ ਨਾਲ ਸਾਡੇ ਸ਼ਹਿਰ ਰੌਸ਼ਨ ਹੋਣਗੇ। ਅਸੀਂ ਹਵਾ ਤੋਂ ਊਰਜਾ ਪੈਦਾ ਕਰਨ ਵਿੱਚ ਸੁਪਰ ਪਾਵਰ ਬਣਾਂਗੇ। ਭਾਰਤ ਵਿੱਚ ਇਸ ਸਮੇਂ 40 ਕਰੋੜ ਤੋਂ ਵੱਧ ਨੌਜੁਆਨ ਹਨ। 2020 ਤੀਕ ਦੇਸ਼ ਦੀ ਆਬਾਦੀ 130 ਕਰੋੜ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ 65 ਕਰੋੜ ਨੌਜੁਆਨ ਹੋਣਗੇ। ਭਾਵ ਕਿ ਅੱਧੀ ਆਬਾਦੀ ਨੌਜੁਆਨਾਂ ਦੀ ਹੋਵੇਗੀ। ਜਦ ਕਿ 25 ਪ੍ਰਤੀਸ਼ਤ ਨਾਲ ਚੀਨ ਸਾਡ ਤੋਂ ਪਿੱਛੇ ਰਹਿ ਜਾਵੇਗਾ। 2020 ਵਿੱਚ ਅਸੀਂ ਜਾਪਾਨ ਤੇ ਯੂਰਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਸਭ ਤੋਂ ਵੱਡੀ ਰੀਸਰਚ ਹੱਬ ਹੋਵਾਂਗੇ। ਖੋਜ ਹੋਣ ਵਾਲੀਆਂ ਤਿੰਨ ਦਵਾਈਆਂ ਵਿਚੋਂ ਇਕ ਸਾਡੀ ਹੋਵੇਗੀ। ਭਾਰਤ ਵਿੱਚ ਅਮਰੀਕਾ ਨਾਲੋਂ 4 ਗੁਣਾਂ ਇਸਤਰੀ ਸੀ. ਈ. ਓ. ਹਨ। ਭਾਰਤ ਵਿੱਚ 11 ਪ੍ਰਤੀਸ਼ਤ ਕੰਪਨੀਆਂ ਵਿੱਚ ਔਰਤਾਂ ਮੁੱਖੀ ਹਨ, ਜਦਕਿ ਅਮਰੀਕਾ ਵਿੱਚ ਇਹ ਕੇਵਲ 3 ਪ੍ਰਤੀਸ਼ਤ ਹਨ
। ਭਾਰਤੀ ਕੰਮਕਾਜੀ ਔਰਤਾਂ ਵਿੱਚ ਵੀ 30 ਪ੍ਰਤੀਸ਼ਤ ਸਾਫਟਵੇਅਰ ਉਦਯੋਗ ਵਿੱਚ ਹਨ।
ਇਸ ਸਮੇਂ ਦੇਸ਼ ਵਿੱਚ 83 ਹਜ਼ਾਰ ਕਰੋੜਪਤੀ ਹਨ। ਇੰਨ੍ਹਾਂ ਦੀ ਗਿਣਤੀ ਵੱਧ ਕੇ ਸਵਾ ਲੱਖ ਹੋ ਜਾਵੇਗੀ। ਬੀ. ਪੀ. ਓ. ਉਦਯੋਗ ਵਿੱਚ 2012 ਤੀਕ 50 ਅਰਬ ਡਾਲਰ ਦਾ ਹਿੱਸਾ ਹੋਵੇਗਾ ਤੇ 220 – 280 ਅਰਬ ਡਾਲਰ ਦਾ ਉਦਯੋਗ ਹੋ ਜਾਵੇਗਾ। ਬਾਇਓਟੈਕ ਉਦਯੋਗ 35 ਪ੍ਰੀਤਸ਼ਤ ਨਾਲ ਵੱਧ ਰਿਹਾ ਹੈ। 68 ਅਰਬ ਤੋਂ ਉਪਰ ਹੋ ਜਾਵੇਗਾ ਸਾਡਾ ਟੀ. ਵੀ. ਉਦਯੋਗ। ਇਸ ਦਹਾਕੇ ਵਿੱਚ 750 ਮਾਲ ਬਣ ਕੇ ਤਿਆਰ ਹੋ ਜਾਣਗੇ, ਜਦਕਿ ਮਲਟੀ ਪਲੈਕਸ ਦੀ ਗਿਣਤੀ 650 ਤੋਂ ਵੱਧ ਕੇ ਇਸ ਦਹਾਕੇ ਵਿੱਚ 1000 ਤੋਂ ਜਿਆਦਾ ਹੋ ਜਾਵੇਗੀ। 2013 ਤੀਕ 168 ਅਰਬ ਤੋਂ ਵਧੇਰੇ ਫਿਲਮ ਉਦਯੋਗ ਹੋ ਜਾਵੇਗਾ। 8 ਪ੍ਰਮਾਣੂ ਬਿਜਲੀ ਘਰਾਂ ਤੋਂ 30000 ਮੈਗਾਵਾਟ, ਸੂਰਜ ਤੋਂ 20000 ਮੈਗਾਵਾਟ ਤੇ ਹਵਾ ਤੋਂ 9645 ਮੈਗਾਵਾਟ ਬਿਜਲੀ ਪੈਦਾ ਹੋਣ ਦੀ ਸੰਭਾਵਨਾ ਹੈ।
2012 ਤੀਕ 1250 ਅਰਬ ਰੁਪਏ ਦਾ ਮਨੋਰੰਜਨ ਉਦਯੋਗ ਹੋ ਜਾਵੇਗਾ, ਜਦ ਕਿ ਐਨੀਮੇਸ਼ਨ ਉਦਯੋਗ 44 ਅਰਬ ਹੋਣ ਦੀ ਉਮੀਦ ਹੈ। ਆਉਂਦੇ 10 ਸਾਲਾਂ ਵਿੱਚ ਭਾਰਤ ਵਿੱਚ 100 ਪ੍ਰਤੀਸ਼ਤ ਪੜੇ ਲਿਖੇ ਲੋਕ ਹੋ ਜਾਣਗੇ। 5 ਲੱਖ ਤੋਂ ਜਿਆਦਾ ਵਿਦੇਸ਼ੀ ਮਰੀਜ਼ 2015 ਤੀਕ ਭਾਰਤ ਆਉਣ ਦੀ ਸੰਭਾਵਨਾ ਹੈ, ਜਦ ਕਿ ਇਸ ਸਮੇਂ ਅਸੀਂ ਵਿਦੇਸ਼ਾਂ ਵਿੱਚ ਇਲਾਜ ਕਰਾਉਣ ਜਾਂਦੇ ਹਾਂ। ਅਗਲੇ ਪੰਜਾਂ ਸਾਲਾਂ ਵਿੱਚ 1 ਲੱਖ ਐਨ. ਆਰ ਆਈ. ਅਮਰੀਕਾ ਤੋਂ ਭਾਰਤ ਵਾਪਸ ਆ ਜਾਣਗੇ।
ਜਿੱਥੋਂ ਤੀਕ ਹਵਾਈ ਸੈਨਾ ਦਾ ਸੰਬੰਧ ਹੈ ਭਾਰਤ ਵਿਚਇਸ ਸਮੇਂ 61 ਹਵਾਈ ਸੈਨਿਕ ਅੱਡੇ , 1915 ਜ਼ਹਾਜ ਤੇ 1,70,000 ਕਰਮਚਾਰੀ ਹਨ। 2013 ਵਿੱਚ ਭਾਰਤੀ ਹਵਾਈ ਸੈਨਾ ਨੂੰ ਰੂਸ ਤੋਂ 60 ਮਿਗ 29 ਕੇ ਲੜਾਕੂ ਜਹਾਜ ਮਿਲਣਗੇ, ਜੋ ਕਿ ਬਹੁਤ ਹੀ ਆਧੁਨਿਕ ਤਕਨੀਕ ਦੇ ਬਣੇ ਹੋਏ ਹਨ। ਭਾਰਤੀ ਹਵਾਈ ਸੈਨਾ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਹਵਾਈ ਸੈਨਾ ਹੈ। ਪਾਣੀ ਵਿੱਚ ਦਬਦਬਾ ਵਧਾਉਣ ਲਈ ਰੂਸ ਤੋਂ ਐਡਮਿਰਲ ਗੌਰਵਾਕੋਵ ਨਾਮੀ ਜਹਾਜਵਾਹਕ ਖ੍ਰੀਦਿਆ ਜਾ ਰਿਹਾ ਹੈ। 2010 ਵਿੱਚ ਤੀਜੇ ਜਹਾਜ ਵਾਹਕ ਪੋਤ ਦਾ ਕੰਮ ਸ਼ੁਰੂ ਹੋਵੇਗਾ ਜਿਸ ਦੇ 2017 ਤੀਕ ਨੌ ਸੈਨਾ ਵਿਚ ਸ਼ਾਮਲ ਹੋਣ ਦੀ ਉਮੀਦ ਹੈ।ਜਹਾਜ ਵਾਹਕ ਦਾ ਅਰਥ ਹੈ ਜਿਹੜਾ ਜਹਾਜਾਂ ਨੂੰ ਢੋਂਦਾ ਹੈ। 30 ਹਜ਼ਾਰ ਕਰੋੜੀ ਲਾਗਤ ਨਾਲ 6 ਸਕਾਰ ਪਿਉ ਪਣਡੁਬੀਆਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ। ਨੌ ਸੈਨਾ ਨੂੰ 12 ਮਿਗ 29 ਕੇ ਇਕ ਸੀਟ ਵਾਲੇ 4 ਮਿਗ 29 ਕੇ ਯੂ.ਬੀ. ਏਅਰ ਕਰਾਫਟ ਮਿਲਣਗੇ। ਜਿੱਥੋਂ ਤੀਕ ਜ਼ਮੀਨੀ ਤਾਕਤ ਦਾ ਸੰਬੰਧ ਹੈ ਭਾਰਤ 2020 ਤੀਕ 1657 ਟੀ 90 ਮੇਨ ਬੈਟਲ ਟੈਂਕ ਸ਼ਾਮਿਲ ਕਰੇਗਾ। 4100 ਫਰਾਂਸੀਸੀ ਮੂਲ ਦੀ ਮਿਲਨ ਟੀ ਐਂਟੀ ਟੈਂਕ ਗਾਈਡਿਡ ਮਿਜ਼ਾਈਲਾਂ ਸੈਨਾ ਵਿੱਚ ਸ਼ਾਮਿਲ ਹੋਣਗੀਆਂ। ਇਸ ਤਰ੍ਹਾਂ ਦੀਆਂ ਹੋਰ ਕਈ ਯੋਜਨਾਵਾਂ ਹਨ। ਇਸ ਤਰ੍ਹਾਂ ਭਾਰਤ ਸੈਨਿਕ ਸ਼ਕਤੀ ਵਿੱਚ ਤਕਨੀਕੀ ਤੌਰ ‘ਤੇ ਦੱਖਣੀ ਕੋਰੀਆ ਨੂੰ ਮਾਤ ਕਰੇਗਾ। ਪਾਕਿਸਤਾਨ ਸੈਂਕੜੇ ਮੀਲ ਪਿੱਛੇ ਰਹਿ ਜਾਵੇਗਾ।
ਪਰ ਵੇਖਣ ਵਾਲੀ ਗੱਲ ਹੈ ਕਿ ਵਧਦੀ ਆਬਾਦੀ ਭਾਰਤ ਦੀਆਂ ਮੁਸ਼ਕਿਲਾਂ ਵਿੱਚ ਕਿੰਨਾ ਵਾਧਾ ਕਰਦੀ ਹੈ। ਇਸ ਸਮੇਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਵਧਦੀ ਆਬਾਦੀ ਹੈ।ਭਾਰਤ ਵਿਚ ਇਸ ਸਮੇਂ 28 ਤੋਂ 30 ਕਰੋੜ ਦੇ ਕਰੀਬ ਲੋਕ ਗ਼ਰੀਬੀ ਰੇਖਾ ਤੋਂ ਥੱਲੇ ਜੀਵਨ ਬਤੀਤ ਕਰ ਰਹੇ ਹਨ। ਦੇਸ਼ ਨੇ ਉਨਤੀ ਤਾਂ ਬਹੁਤ ਕੀਤੀ ਹੈ ਪਰ ਇਸ ਦਾ ਲਾਭ ਵਿਸ਼ੇਸ਼ ਵਰਗ ਹੀ ਲੈ ਰਹੇ ਹਨ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਮਹਿੰਗਾਈ ਤੇ ਬੇ-ਰੁਜ਼ਗਾਰੀ ਨੇ ਲੋਕਾਂ ਦਾ ਜੀਉਣਾ ਮੁਹਾਲ ਕੀਤਾ ਹੋਇਆ ਹੈ। ਦੇਸ਼ ਦੀ ਆਜ਼ਾਦੀ ਦਾ ਨਿੱਘ ਕੀ ਆਮ ਆਦਮੀ ਨੂੰ ਮਿਲੇਗਾ? ਜਿਸ ਦੀ ਸਾਡੇ ਦੇਸ਼ ਭਗਤਾਂ ਨੇ ਕਲਪਨਾ ਕੀਤੀ ਸੀ ।ਕੀ ਭਾਰਤ ਦੇਸ਼ ਵਿੱਚ ਵਧ ਰਹੀ ਨਕਸਲਵਾਦ ਦੀ ਸਮੱਸਿਆ ਨੂੰ ਠੱਲ ਪਾ ਸਕੇਗਾ? ਇਸ ਸਮੇਂ 40 ਪ੍ਰੀਤਸ਼ਤ ਹਿੱਸੇ ਵਿੱਚ ਨਕਸਲਵਾਦਾਂ ਨੇ ਪੈਰ ਜਮਾ ਲਏ ਹਨ। ਕੀ ਤਿਲੰਗਆਨਾ ਤੇ ਹੋਰ ਨਵੇਂ ਸੂਬਿਆਂ ਦੀ ਉੱਠ ਰਹੀ ਮੰਗ ਦਾ ਕੀ ਸੁਚੱਜੇ ਢੰਗ ਨਾਲ ਹੱਲ ਹੋ ਸਕੇਗਾ? ਕੀ ਦੇਸ਼ ਵਿੱਚ ਵੱਧ ਰਹੀ ਇਲਾਕਾਪ੍ਰਸਤੀ ਤੇ ਫਿਰਕਾਪ੍ਰਸਤੀ ਨੂੰ ਲਗ਼ਾਮ ਲਗਾਈ ਜਾ ਸਕੇਗੀ? ਅਜਿਹੀਆਂ ਹੀ ਬਹੁਤ ਸਾਰੀਆਂ ਦਰਪੇਸ਼ ਸਮੱਸਿਆਵਾਂ ਨਾਲ ਜੂਝ ਰਿਹਾ ਭਾਰਤ ਇੰਨ੍ਹਾਂ ਵਿਚੋਂ ਕਿਵੇਂ ਨਿਕਲੇਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਭਾਰਤ ਦੇ ਸੂਝਵਾਨ ਸਿਆਸਤਦਾਨਾਂ ਨੇ ਇੰਨ੍ਹਾਂ ਮੁਸ਼ਕਿਲਾਂ ਪ੍ਰਤੀ ਡੰਗਟਪਾਊ ਨੀਤੀ ਅਪਣਾਈ ਰੱਖੀ ਤੇ ਦੂਰ-ਅੰਦੇਸ਼ੀ ਨਾਲ ਇਨ੍ਹਾਂ ਦਾ ਹੱਲ ਨਾ ਕੀਤਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਤੇ ਇਹ ਸਮੱਸਿਆਵਾਂ ਦੇਸ਼ ਲਈ ਤਬਾਹਕੁਨ ਸਿੱਧ ਹੋ ਸਕਦੀਆਂ ਹਨ। ਇਹ ਅਖ਼ਬਾਰੀ ਅੰਕੜੇ ਤਾਂ ਹੀ ਸੱਚ ਹੋ ਸਕਦੇ ਹਨ ਜੇ ਦੇਸ਼ ਵਿੱਚ ਅਮਨ ਸ਼ਾਂਤੀ ਰਹੇ। ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਸਿਆਸਤਦਾਨ ਸੂਝਵਾਨ ਸਿਆਸਤਦਾਨਾਂ ਦੇ ਤੌਰ ਤੇ ਵਿਚਰਨਗੇ ਤੇ ਇਹ ਅਖਬਾਰੀ ਅੰਕੜੇ ਅਖਬਾਰਾਂ ਦੀਆਂ ਸੁਰਖੀਆਂ ਨਾ ਰਹਿ ਕੇ ਹਕੀਕਤ ਸਿੱਧ ਹੋ ਕੇ ਭਾਰਤ ਨੂੰ ਇਕ ਸ਼ਕਤੀਸ਼ਾਲੀ ਦੇਸ਼ ਬਨਾਉਣਗੇ।
(ਡਾ. ਚਰਨਜੀਤ ਸਿੰਘ ਗੁਮਟਾਲਾ)
253, ਅਜੀਤ ਨਗਰ, ਅੰਮ੍ਰਿਤਸਰ।
ਫੋਨ : 0183-2582323, 94175-33060
