::INDIAN ::WEEKLY PUNJABI AND HINDI NEWSPAPER FROM CHANDIGARH
 
   

03/01/2010

ਸਦੀਆਂ ਜੁੜੀਆਂ ਸਾਡੇ ਵਿਹੜੇ, ਸਾਡੇ ਘਰ ਤਾਰੀਖ ਪ੍ਰਾਹੁਣੀ

ਕਰਮਜੀਤ ਸਿੰਘ ਚੰਡੀਗੜ੍ਹ
Karamjit ਅੱਜ ਤੋਂ ਕਰੀਬ 300 ਸਾਲ ਪਹਿਲਾਂ ਚਮਕੌਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਦੀ ਹੋਈ ਸ਼ਹਾਦਤ ਮਾਨਵਤਾ ਦੇ ਇਤਿਹਾਸ ਦਾ ਉਹ ਦਰਦਨਾਕ ਸਾਕਾ ਹੈ, ਜਿਸ ਦੀ ਸੱਚੀ ਸਾਖੀ ਭਾਵੇਂ ਖ਼ਾਲਸਾ ਪੰਥ ਨਾਲ ਜੁੜੀ ਹੋਈ ਹੈ ਪਰ ਗੁਰੂ ਨਾਨਕ ਦੇ ਵਿਹੜੇ ਤੋਂ ਬਾਹਰ ਵਸਦੀਆਂ ਕੌਮਾਂ ਦੇ ਸੁੱਤੇ ਦਰਦ ਅੱਜ ਵੀ ਇਸ ਸਾਕੇ ਨੂੰ ਸੁਣ ਕੇ ਇਨਕਲਾਬੀ ਅੰਗੜਾਈਆਂ ਭਰਦੇ ਪ੍ਰਤੀਤ ਹੁੰਦੇ ਹਨ। ਦੁਨੀਆਂ ਦੇ ਇਤਿਹਾਸ ਵਿਚ ਕਰਬਲਾ ਦੀ ਦਰਦਨਾਕ ਘਟਨਾ ਤੋਂ ਪਿਛੋਂ ਹੋਈ ਇਸ ਅਸਾਵੀਂ ਜੰਗ ਦੀ ਨਿਰਮਲ ਮਾਸੂਮੀਅਤ ਅਤੇ ਆਤਮਕ ਬੁ¦ਦੀਆਂ ਦੀ ਗਾਥਾ ਦੁਨੀਆਂ ਦੇ ਇਤਿਹਾਸ ਦਾ ਉਹ ਸੁਨਹਿਰੀ ਕਾਂਡ ਹੈ, ਜਿਸ ਦੀਆਂ ਨੂਰੀ ਰਿਸ਼ਮਾਂ ਇਕ ਵਾਰ ਤਾਂ ਖ਼ਾਲਸੇ ਨੇ ਸਾਰੇ ਬ੍ਰਹਿਮੰਡ ਵਿਚ ਫੈਲਾ ਦਿਤੀਆਂ ਸਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਦੇ ਖ਼ਾਲਸੇ ਵਿਚ ਬਦਲੀਆਂ ਹੋਈਆਂ ਹਾਲਤਾਂ ਵਿਚ ਉਸ ਮਹਾਨ ਵਿਰਾਸਤ ਨੂੰ ਅੱਗੇ ਤੋਰਨ ਲਈ ਕੋਈ ਜਜ਼ਬਾ ਹੈ? ਕੋਈ ਨਿੱਗਰ ਪ੍ਰੋਗਰਾਮ ਹੈ? ਕੋਈ ਮਿਥੀ ਹੋਈ ਸੇਧ ਉਸ ਕੋਲ ਹੈ? ਕੀ ਇਉਂ ਨਹੀਂ ਲਗਦਾ ਕਿ ਉਹ ਮਾਇਆ ਦੇ ਬਹੁ-ਰੰਗੀ ਸੰਸਾਰ ਦੀਆਂ ਭੀੜਾਂ ਵਿਚ ਪੂਰੀ ਤਰ੍ਹਾਂ ਗਵਾਚ ਗਿਆ ਹੈ?
ਪਿਛਲੇ ਦਿਨੀਂ ਚੰਡੀਗੜ੍ਹ ਵਿਚ ਸੁਲਝੇ ਹੋਏ ਪੱਤਰਕਾਰਾਂ, ਸਿਆਸੀ ਵਿਦਵਾਨਾਂ ਅਤੇ ਸੁਚੇਤ ਸਰੋਤਿਆਂ ਦੀ ਇਕ ਭਰਵੀਂ ਮਹਿਫ਼ਲ ਵਿਚ ਇਹ ਸਵਾਲ ਅਤੇ ਇਨ੍ਹਾਂ ਸਵਾਲਾਂ ਨਾਲ ਜੁੜੇ ਹੋਰ ਕਈ ਮੁੱਦੇ ਬਾਰ-ਬਾਰ ਉਭਰ ਕੇ ਸਾਹਮਣੇ ਆਏ।

ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਦਸੰਬਰ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਦੇ ਖ਼ਾਲਸੇ ਵਲੋਂ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਤੇ ਸ਼ਹਾਦਤਾਂ ਦੀ ਰੋਸ਼ਨੀ ਵਿਚ ਇਕ ਵਿਦਵਾਨ ਨੇ ਕਿਸੇ ਸ਼ਾਇਰ ਦੀਆਂ ਇਨ੍ਹਾਂ ਸਤਰਾਂ, ‘‘ਸਦੀਆਂ ਜੁੜੀਆਂ ਸਾਡੇ ਵਿਹੜੇ, ਤਾਰੀਖ਼ ਪ੍ਰਾਹੁਣੀ ਆਈ’’ ਕਹਿ ਕੇ ਇਸ ਰਾਜਨੀਤਕ ਮਹਿਫ਼ਲ ਵਿਚ ਹੋ ਰਹੀ ਬਹਿਸ ਨੂੰ ਇਕ ਨਵਾਂ ਪਰ ਦਿਲਚਸਪ ਮੋੜ ਦੇ ਦਿਤਾ। ਇੱਕ ਵਿਦਵਾਨ ਨੇ ਟਿੱਪਣੀ ਕੀਤੀ : ਚਮਕੌਰ ਦੀ ਘਟਨਾ ਲੂੰ-ਕੰਢੇ ਖੜ੍ਹੇ ਕਰਨ ਵਾਲਾ ਇਤਿਹਾਸ ਹੈ। ਖ਼ਾਲਸਾ ਦੋ ਵਾਰ ਗੁਰੂ ਦੀ ਪਦਵੀ ਨੂੰ ਹਾਸਲ ਹੋਇਆ ਹੈ। ਇਕ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਕ ਸਿੱਖ ਦੇ ਰੂਪ ਵਿਚ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਦੂਜੀ ਵਾਰ ਚਮਕੌਰ ਦੀ ਗੜ੍ਹੀ ਵਿਚ ਜਦੋਂ ਖ਼ਾਲਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡ ਦੇਣ ਦਾ ਹੁਕਮ ਜਾਰੀ ਕੀਤਾ। ਪਰ ਮੈਂ ਪੁੱਛਦਾ ਹਾਂ ਕਿ ਕੀ ਅੱਜ ਦਾ ਖ਼ਾਲਸਾ ਗੁਰੂ-ਪਦਵੀ ਦਾ ਹੱਕਦਾਰ ਹੈ, ਜੋ ਦੇਹਾਂ ਨੂੰ ਪੂਜਦਾ ਫਿਰਦਾ ਹੈ? ਜੋ ਸੁੱਕੇ ਪੱਤਿਆਂ ਵਾਂਗ ਜਿਧਰ ਹਵਾ ਲਈ ਜਾਂਦੀ ਹੈ, ਉਧਰ ਨੂੰ ਉਡਦਾ ਜਾਂਦਾ ਹੈ?
ਇਕ ਹੋਰ ਵਿਦਵਾਨ ਨੇ ਬਹਿਸ ਨੂੰ ਅੱਗੇ ਤੋਰਦਿਆਂ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ ਵਿਚ ਜਮਹੂਰੀ ਅਸੂਲਾਂ ਦਾ ਝੰਡਾ ਅਸਮਾਨ ਤਕ ਉਚਾ ਕਰ ਦਿਤਾ ਸੀ, ਜਦੋਂ ਉਨ੍ਹਾਂ ਨੇ ਖ਼ਾਲਸੇ ਦੇ ਹੁਕਮ ਅੱਗੇ ਸਿਰ ਝੁਕਾ ਕੇ ਚਮਕੌਰ ਦੀ ਗੜ੍ਹੀ ਛੱਡਦਿਆਂ ਨਵਾਂ ਇਤਿਹਾਸ ਸਿਰਜਿਆ, ਪਰ ਕੀ ਅੱਜ ਜਮਹੂਰੀ ਢੰਗ ਨਾਲ ਚੁਣੀਆਂ ਹੋਈਆਂ ਸੰਸਥਾਵਾਂ ਦੇ ਪ੍ਰਧਾਨਾਂ ਦੀ ਚੋਣ ਕਿਸੇ ਵਿਅਕਤੀ ਵਲੋਂ ਭੇਜੇ ਬੰਦ ਲਿਫ਼ਾਫੇ ਵਿਚੋਂ ਕਿਉਂ ਨਿਕਲਦੀ ਹੈ? ਆਖ਼ਰਕਾਰ ਅਸੀਂ ਕਿਥੋਂ ਖੁੰਝ ਗਏ ਹਾਂ ਅਤੇ ਕਿਥੋਂ ਠੇਡਾ ਖਾ ਗਏ ਹਾਂ? ਪਰ ਬਹਿਸ ਉਤੇ ਉਸ ਸਮੇਂ ਨਵਾਂ ਰੰਗ ਚੜ੍ਹ ਗਿਆ ਜਦੋਂ ਵਿਦਵਾਨਾਂ ਦੀ ਇਸ ਇਕੱਤਰਤਾ ਨੂੰ ਇਕ ਸੁਲਝੇ ਹੋਏ ਸਰੋਤੇ ਨੇ ਸਾਰਿਆਂ ਨੂੰ ਇਹ ਸਵਾਲ ਕਰਕੇ ਨਿਰ-ਉਤਰ ਕਰ ਦਿਤਾ ਕਿ ਗੁਰੂ ਸਾਹਿਬ ਨੇ ਤਾਂ ਚਮਕੌਰ ਦੀ ਗੜ੍ਹੀ ਵਿਚ ਆਪਣੇ ਪੁੱਤਰਾਂ ਨੂੰ ਹੱਸ ਕੇ ਅਤੇ ਚਾਵਾਂ-ਮਲ੍ਹਾਰਾਂ ਨਾਲ ਜੰਗ ਵੱਲ ਤੋਰਿਆ। ਪਰ ਕੀ ਇਹ ਸੱਚ ਨਹੀਂ ਕਿ ਅੱਜ ਦੇ ਖ਼ਾਲਸੇ ਦੇ ਆਗੂ ਆਪਣੇ ਪੁੱਤਰਾਂ ਨੂੰ ਬਚਾਉਣ ਵਿਚ ਸਿਰ-ਧੜ ਦੀ ਬਾਜ਼ੀ ਵੀ ਲਗਾ ਦਿੰਦੇ ਹਨ? ਐਨ ਇਸ ਸਮੇਂ ਮਾਹੌਲ ਨੇ ਇਕ ਹੋਰ ਮੋੜ ਕੱਟ ਲਿਆ, ਜਦੋਂ ਇਕ ਵਿਦਵਾਨ ਨੇ ਉਨ੍ਹਾਂ ਸਿੱਖ ਲੀਡਰਾਂ ਦੇ ਨਾਂ ਲਏ, ਜਿਨ੍ਹਾਂ ਨੇ ਪਿਛਲੇ ਕੁਝ ਅਰਸੇ ਤੋਂ ਆਪਣੇ ਪੁੱਤਰਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਂਦਾ ਅਤੇ ਜਿਨ੍ਹਾਂ ਪੁੱਤਰਾਂ ਨੂੰ ਨਾ ਤਾਂ ਸਿਆਸਤ ਦੀ ਗੰਭੀਰ ਸਮਝ ਹੈ, ਨਾ ਹੀ ਉਹ ਜਦੋ-ਜਹਿਦ ਦੇ ਵਿੰਗੇ-ਟੇਢੇ ਰਾਹਾਂ ’ਤੇ ਚਲੇ ਹਨ ਅਤੇ ਨਾ ਹੀ ਉਨ੍ਹਾਂ ਨੇ ਕੰਡਿਆਲੇ ਰਾਹਾਂ ’ਤੇ ਤੁਰਨ ਦਾ ਕਦੇ ਹੌਂਸਲਾ ਕੀਤਾ ਹੈ। ਉਹ ਤਾਂ ਫੁੱਲਾਂ ਦੀ ਸੇਜ ਦਾ ਆਨੰਦ ਮਾਣਦੇ ਹੋਏ ਸਿਆਸਤ ਵਿਚ ਆਏ ਅਤੇ ਅਚਾਨਕ ਟੀਸੀ ਦਾ ਬੇਰ ਕਿਵੇਂ ਬਣ ਗਏ?
ਇਕ ਹੋਰ ਵਿਦਵਾਨ ਨੇ ਤਾਂ ਉਸ ਸਮੇਂ ਸਰੋਤਿਆਂ ਦੇ ਮੂੰਹਾਂ ਵਿਚ ਉਂਗਲਾਂ ਪੁਆ ਦਿਤੀਆਂ, ਜਦੋਂ ਉਸ ਨੇ ਇਹ ਭੇਤ ਖੋਲ੍ਹਿਆ ਕਿ ਸਿਆਸਤ ਵਿਚ ਆਏ ਇਹ ਪੁੱਤਰ ਉਹ ਸਾਰੇ ਕੰਮ ਕਰਦੇ ਹਨ, ਜਿਨ੍ਹਾਂ ਦੀ ਸਿੱਖ ਧਰਮ ਵਿਚ ਸਖ਼ਤ ਮਨਾਹੀ ਹੈ। ਇਹ ਮੁੰਡੇ ਡੌਲਿਆਂ ਦੀ ਰਾਜਨੀਤੀ ਨੂੰ ਅੱਗੇ ਤੋਰਦੇ ਹੋਏ ਗੁੰਡਾ ਰਾਜਨੀਤੀ ਦੇ ਕਰੀਬ ਪਹੁੰਚ ਗਏ ਹਨ।
ਬਹਿਸ ਉਸ ਸਮੇਂ ਗੰਭੀਰ ਮੋੜ ਵੱਲ ਹੋ ਤੁਰੀ, ਜਦੋਂ ਇਕ ਵਿਦਵਾਨ ਨੇ ਇਹ ਝੋਰਾ ਪ੍ਰਗਟ ਕੀਤਾ ਕਿ ਹੁਣ ਕੋਈ ਸੋਹਣ ਸਿੰਘ ਸੀਤਲ, ਕੋਈ ਦਿਆ ਸਿੰਘ ਦਿਲਬਰ, ਕੋਈ ਕਰਨੈਲ ਸਿੰਘ ਪਾਰਸ ਵਰਗੇ ਢਾਡੀ ਕਿਉਂ ਨਜ਼ਰ ਨਹੀਂ ਆਉਂਦੇ? ਕੋਈ ਕਰਤਾਰ ਸਿੰਘ ਬਲੱਗਣ, ਕੋਈ ਵਿਧਾਤਾ ਸਿੰਘ ਤੀਰ, ਕੋਈ ਚਰਨ ਸਿੰਘ ਸਫ਼ਰੀ ਵਰਗੇ ਸਟੇਜੀ ਕਵੀਸ਼ਰ ਅਚਾਨਕ ਕਿਉਂ ਅਲੋਪ ਹੋ ਗਏ, ਜੋ ਆਪਣੀਆਂ ਵਾਰਾਂ ਤੇ ਕਵਿਤਾਵਾਂ ਰਾਹੀਂ ਬੀਤੇ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਾਡੇ ਸਾਹਮਣੇ ਸਾਕਾਰ ਕਰ ਦਿਆ ਕਰਦੇ ਸਨ। ਸਾਡੀਆਂ ਯਾਦਾਂ ਨੂੰ ਨੀਂਦ ਕਿਉਂ ਆ ਗਈ ਹੈ? ਅਸੀਂ ਕਦੇ ਉਚੀ ਢੇਰੀ ’ਤੇ ਬੈਠੇ ਹੁੰਦੇ ਸਾਂ, ਹੁਣ ਤਿਲਕਦੇ-ਤਿਲਕਦੇ ਪਾਤਾਲ ਵੱਲ ਕਿਉਂ ਡਿਗਦੇ ਜਾ ਰਹੇ ਹਾਂ?
ਇਕ ਹੋਰ ਵਿਦਵਾਨ ਨੇ ਅੱਜ ਦੇ ਸਿੱਖ ਸਿਆਸਤਦਾਨਾਂ ਨੂੰ ਕਰਾਰੇ ਹੱਥੀਂ ਲੈਂਦਿਆਂ ਇਹ ਦਿਲਚਸਪ ਭੇਤ ਖੋਲ੍ਹਿਆ ਕਿ ਪਿਛਲੇ ਸਾਲ ਉਸ ਨੇ 10 ਸਿਆਸਤਦਾਨਾਂ ਵਲੋਂ ਚਮਕੌਰ ਸਾਹਿਬ ਵਿਚ ਦਿਤੇ ਭਾਸ਼ਣਾਂ ਦਾ ਸਰਵੇਖਣ ਕੀਤਾ ਸੀ, ਜਿਸ ਵਿਚ ਪੰਜ ਘੰਟੇ ਦੀਆਂ ਤਕਰੀਰਾਂ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਾਕੇ ਨੂੰ ਕੇਵਲ 35 ਮਿੰਟ ਹੀ ਮਿਲੇ ਅਤੇ ਬਾਕੀ ਸਾਰੇ ਭਾਸ਼ਣ ਚ¦ਤ ਸਿਆਸਤ ਉਤੇ ਅਤੇ ਉਹ ਵੀ ਇਕ-ਦੂਜੇ ’ਤੇ ਮੇਹਣਿਆਂ ਤੇ ਕੁਮੇਹਣਿਆਂ ਦੀ ਬਾਰਸ਼ ਵਿਚ ਹੀ ਖਰਚ ਹੋ ਗਏ। ਜਿਨ੍ਹਾਂ ਆਗੂਆਂ ਨੇ ਸਾਹਿਬਜ਼ਾਦਿਆਂ ਦਾ ਜ਼ਿਕਰ ਵੀ ਕੀਤਾ, ਉਸ ਵਿਚ ਇਤਿਹਾਸਕ ਸਮਝ ਦੀ ਜਾਂ ਤਾਂ ਉ¤ਕਾ ਹੀ ਅਣਹੋਂਦ ਸੀ ਅਤੇ ਜਾਂ ਇਹ ਸਮਝ ਅਧੂਰੀ ਅਤੇ ਪ੍ਰਸੰਗਹੀਣ ਸੀ।
ਭਲਾ ਕਿਸ ਤਰ੍ਹਾਂ ਦਾ ਸੀ ਯੁੱਧ ਚਮਕੌਰ ਦਾ?
ਗੜ੍ਹੀ  ਦੇ ਅੰਦਰ ਹਥਿਆਰਾਂ ਦੀ ਕਮੀ ਸੀ ਅਤੇ ਗਿਣਤੀ  ਵਿਚ ਵੀ 40 ਕੁ ਸਿੰਘ ਹੀ ਸਨ। ਇਸ ਲਈ  ਲੜਾਈ ਬਹੁਤਾ ਲਮਕ  ਵੀ ਨਹੀਂ ਸੀ ਸਕਦੀ।  ਲਮਕ ਜਾਣ ਵਿਚ  ਖ਼ਤਰੇ ਬਹੁਤ ਸਨ। ਸੋ 30 ਤੋਂ ਉ¤ਪਰ ਸਿੰਘਾਂ ਦੀ ਸ਼ਹੀਦੀ ਪਿਛੋਂ ਖਾਲਸੇ ਨੇ ਗੁਰਮਤਾ ਸੋਧ ਕੇ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਜਾਣ ਦੀ ਬੇਨਤੀ ਕੀਤੀ ਅਤੇ ਬੇਨਤੀ ਨਾ ਮੰਨਣ ’ਤੇ ਖਾਲਸੇ ਨੇ ਹੁਕਮਨਾਮਾ ਜਾਰੀ ਕਰ ਦਿੱਤਾ। ਇਹ ਤਰਕ ਮੰਨਣ ਦੇ ਆਧਾਰ ਮੌਜੂਦ ਹਨ ਕਿ ਗੁਰੂ ਸਾਹਿਬ ਭੇਸ ਬਦਲ ਕੇ ਗੜ੍ਹੀ ਵਿਚੋਂ ਨਿਕਲੇ।
ਮੋਬਾਈਲ : 99150-91063


No Comments »

No comments yet.

RSS feed for comments on this post. TrackBack URL

Leave a comment



 

HOME | PUNJAB NEWS | INDIA NEWS | WORLD NEWS | SPORTS NEWS | CULTURE NEWS | ARTICLES | WEEKLY | CONTACT US

Archive |  Videos |  Photos |  Advertising |  Directory | 

Copyright © 2009 onlineIndian.net. All rights reserved.